ਚੁੱਪ

ਅੱਜ ਕਿਉਂ ਇਹ ਹਨੇਰਾ ਚੁੱਪ ਏ,

ਦਿਨ ਚੜ੍ਹਿਆ, ਸਵੇਰਾ ਚੁੱਪ ਏ |

ਅੰਦਰੋਂ ਅੰਦਰੀ ਖਾ ਨਾ ਜਾਵੇ,

ਇਹ ਜੋ ਤੇਰਾ ਮੇਰਾ ਚੁੱਪ ਏ |

ਘੇਰੇ ਵਿੱਚ ਅਣਭੋਲ ਨੇ ਫਸ ਗਏ,

ਜਿਸਨੇ ਪਾਇਆ ਘੇਰਾ ਚੁੱਪ ਏ |

ਲੋਕੀ ਰੱਬ ਰੱਬ ਕਰਦੇ ਮਰ ਗਏ,

ਮੰਦਿਰ, ਮਸਜਿਦ, ਡੇਰਾ ਚੁੱਪ ਏ |

ਭੁੱਖੇ ਢਿੱਡੀ ਮਾਵਾਂ ਮੋਈਆਂ,

ਬੱਚੇ ਵਿਲਕਣ ਵੇਹੜਾ ਚੁੱਪ ਏ |

ਆਜਾ ਮੇਰੇ ਨਾਲ ਤੂੰ ਵੰਡ ਲੈ,

ਮੇਰੇ ਕੋਲ ਵਧੇਰਾ ਚੁੱਪ ਏ |

ਤਵਾਰੀਖ ਸਭ ਲਿਖਦੀ ਜਾਂਦੀ,

ਕੌਣ ਬੋਲਿਆ, ਕੇਹੜਾ ਚੁੱਪ ਏ |

ਬੋਲਣ ਵਾਲਾ ਸੂਲੀ ਚੜ੍ਹਦਾ,

ਬਚਦਾ ਓਹੀ , ਜੇਹੜਾ ਚੁੱਪ ਏ |

ਹਾਕਮ ਦੇ ਜ਼ੁਲਮਾਂ ਤੋਂ ਡਰਿਆ,

ਤਾਹੀਓਂ ਚਾਰ ਚੁਫੇਰਾ ਚੁੱਪ ਏ |

ਡੁਬਦੇ ਸੂਰਜਾਂ ਵਾਂਗੂ

ਮੈਂ ਡੁਬਦੇ ਸੂਰਜਾਂ ਵਾਂਗੂ, ਢਲ ਰਹੀ ਹਾਂ,
ਕਿਸੇ ਬਰਫ ਦੇ ਵਾਂਗੂ ਪਿਘਲ ਰਹੀ ਹਾਂ,
ਵਕ਼ਤ ਰਹਿੰਦੇ ਹੀ ਤੂੰ ਮੈਨੂੰ ਸਭ ਲੈ ਸਾਥੀ,
ਤੇਰੇ ਹੱਥਾਂ ਚੋ ਰੇਤ ਵਾਂਗਰ, ਫਿਸਲ ਰਹੀ ਹਾਂ,
ਮੇਰੀ ਸੀਰਤ ਚ ਨਹੀਂ ਹੈ ਰੁਕ ਜਾਣਾ, ਠਹਿਰ ਜਾਣਾ,
ਜੋ ਰੁਕ ਜਾਏ ਕਿਧਰੇ, ਉਹ ਫੇਰ ਮੈਂ ਨਹੀਂ ਹਾਂ |
ਤੂੰ ਮੈਨੂੰ ਪਿਆਰ ਕਰੇ ਤਾ ਮੈਂ ਹੀ ਮੁਹੱਬਤ ਕਰਾਂ !
ਵਫ਼ਾਦਾਰ ਹਾਂ, ਤੇਰੇ ਵਾਂਗੂ ਬੇਵਫਾ ਨਹੀਂ ਹਾਂ |
ਮੈਨੂੰ ਨਹੀਂ ਫਬਦਾ ਤੇਰਾ ਉਦਾਸੇਆ ਰਹਿਣਾ,
ਮੈਂ ਤੇਰੀ ਦੁਨੀਆ ਦੇ ਵਾਂਗਰ ਗਮਜ਼ਦਾ ਨਹੀਂ ਹਾਂ |
ਮੈਨੂੰ ਵਕ਼ਤ ਲੱਗਣਾ ਹੈ ਤੇਰੇ ਢਾਂਚੇ ਚ ਉਤਰਨ ਨੂੰ,
ਮੈਂ ਵੀ ਇਨਸਾਨ ਹਾਂ ਅਖੀਰ , ਕੋਈ ਹਵਾ ਨਹੀਂ ਹਾਂ |

 

ਨਜ਼ਮ

ਭਾਵੇਂ ਕਿੰਨੀਆਂ ਕਲਮਾਂ ਟੁੱਟੀਆਂ,
ਕਿੰਨੇ ਮੀਲ ਸਿਆਹੀ ਡੋਲੀ,
ਕਿੰਨੇ ਵਰਕ ਮੈਂ ਕੀਤੇ ਕਾਲੇ,
ਫਿਰ ਵੀ ਮੇਰੀ ਨਜ਼ਮ ਨਾ ਬੋਲੀ|
ਖੋਰੇ ਕੇਹੜਾ ਡਰ ਹੈ ਅੰਦਰ,
ਚੁੱਪ ਕਰਕੇ ਸਭ ਸਹਿ ਲੈਂਦਾ ਹਾਂ,
ਉਂਝ ਵੀ ਜਿਹੜੇ ਬੋਲਣ ਲਗਦੇ,
ਠਾਹ ਸੀਨੇ ਵਿਚ ਲਗਦੀ ਗੋਲੀ|
ਉਂਝ ਤਾ ਵਿਕਣ ਸਭ ਲੱਗੇ ਨੇ,
ਜੋ ਨੀ ਵਿਕਦੇ, ਮਾਰੇ ਜਾਂਦੇ,
ਕਿ ਦੱਸੀਏ ਇਸ ਦੇਸ ਦੇ ਅੰਦਰ,
ਇਮਾਨਾਂ ਦੀ ਲਗਦੀ ਬੋਲੀ|
ਬਚਪਨ ਤੋਂ ਜੋ ਨਾਲ ਸੀ ਖੇਡੇ,
ਦੋਸਤ ਦੁਸ਼ਮਣ ਲੱਗਣ ਲੱਗੇ,
ਇੰਨਾ ਚੰਦਰੇ ਲੀਡਰਾਂ ਜਦ ਤੋਂ,
ਰਿਸ਼ਤਿਆਂ ਵਿਚ ਸਿਆਸਤ ਘੋਲੀ|
ਸੜਕ ਤੇ ਮਰਿਆਂ ਕੁੱਤਾ ਦੇਖਾਂ,
ਰੂਹ ਅੰਦਰ ਤਕ ਫੱਟ ਜਾਂਦੀ ਏ,
ਖੋਰੇ ਕਾਹਦੇ ਦਿਲ ਓਨਾ ਦੇ,
ਨਿਤ ਖੇਡਣ ਜੋ ਖੂਨ ਦੀ ਹੋਲੀ|
ਕਵਿਤਾ ਜੰਮੇ ਜੇ ਇਨਕਲਾਬ ਨਾ,
ਅੱਖਰ ਬਣਨ ਨਾ ਭਖਦੇ ਕੋਲੇ,
ਕਿ ਫਾਇਦਾ ਫਿਰ ਲਿਖਣ ਦਾ ਜੇ,
ਨਜ਼ਮ ਮੇਰੀ ਸਿਰ ਚੜ ਨਾ ਬੋਲੀ |

 

ਕੁਝ ਸੁਫ਼ਨੇ

ਕੁਝ ਸੁਫ਼ਨੇ ਵੀ ਕਿੰਨੇ ਪਵਿੱਤਰ ਹੁੰਦੇ ਨੇ,
ਮਾਂ ਵਰਗੇ,
ਲੋਰ ਚ ਰੱਖਦੇ ਨੇ,
ਰੋਂਦੇ ਨੂੰ ਵਰਾ ਜਾਂਦੇ ਨੇ,
ਉਮੀਦ ਦੇ ਜਾਂਦੇ ਨੇ,
ਰੂਹਾਂ ਦੀ ਦਵਾ ਕਰ ਜਾਂਦੇ ਨੇ.
ਸ਼ਾਇਦ ਇਸੇ ਕਰਕੇ ਹੀ,
ਰਾਤੀ ਸੁਫ਼ਨੇ ਚ ਤੈਨੂੰ ਦੇਖਿਆ,
ਤੇ ਸਵੇਰੇ ਮੌਸਮ ਖੁਸ਼ਨੁਮਾ ਪਾਇਆ |

 

ਦੁਨੀਆ ਬਦਲਣ ਨੂੰ

ਦੁਨੀਆ ਬਦਲਣ ਨੂੰ ਕੀਹਨੇ ਕਿਹਾ ਜੁੱਗ ਲਗਦੇ ਆ,
ਉਸਦੀਆਂ ਗੱਲਾਂ, ਕੰਨਾਂ ਚ ਰਸ ਘੋਲਦੀਆਂ ਹੋਈਆਂ,
ਨਾੜੀ ਤੰਤਰ ਚ ਉੱਤਰ ਕੇ , ਦਿਲ ਤੇ ਕਾਬਿਜ਼ ਹੋ ਗਈਆਂ |
ਹੋਲੀ ਹੋਲੀ ਖੂਨ ਚ ਰਚ ਕੇ , ਸਾਰੀ ਦੇਹ ਚ ਜਾ ਮਿਲੀਆਂ,
ਮਨ ਉਡਣ ਜੇਹਾ ਲੱਗਾ,
ਧਰਾਤਲ ਫੁੱਲਾਂ ਜੇਹਾ ਹੋ ਗਿਆ,
ਤੇ ਮੇਰੀ ਦੁਨੀਆ ਬਦਲ ਗਈ |
ਫੇਰ ਇਕ ਖਿਆਲ ਆਇਆ ਉਸਨੂੰ,
ਉਸਨੇ ਗੱਲਾਂ ਬੰਦ ਕਰ ਦਿੱਤੀਆਂ,
ਹੁਣ ਉਹ ਸਿਆਣੀ ਹੋ ਗਈ ਸੀ |
ਹੁਣ ਉਹ ਦਿਮਾਗ ਵਰਤਣ ਲੱਗੀ ਸੀ,
ਹੁਣ ਉਹ ਚੁੱਪ ਰਹਿਣ ਲੱਗੀ ਸੀ,
ਹੁਣ ਉਹ ਦੂਰ ਹੋਣ ਲੱਗੀ ਸੀ,
ਤੇ ਮੈਂ ਦੇਖ ਰਿਹਾ ਸੀ ,
ਕਿ ਮੇਰੀ ਦੁਨੀਆ ਫੇਰ ਤੋਂ ਬਦਲ ਰਹੀ ਸੀ |
ਇੱਕੋ ਉਮਰ ਚ ਦੋ ਵਾਰ !!
ਦੁਨੀਆ ਬਦਲਣ ਨੂੰ ਜੁੱਗ ਨਹੀਂ , ਜਜ਼ਬਾਤ ਲਗਦੇ ਨੇ |

 

ਮੇਰੀ ਤੇ ਮੇਰੀ ਕਵਿਤਾ ਦੀ ਹੁਣ ਦੋਸਤੀ ਹੋ ਗਈ ਹੈ

ਅਸੀਂ ਸ਼ਇਦ ਇਕ ਦੂਜੇ ਦੇ ਪੂਰਕ ਹੋ ਗਏ ਹਾਂ,
ਉਦਾਸ ਹੋਵਾਂ ਤਾਂ ਉਹ ਇਕ ਖਿਆਲ ਦੇ ਜਾਂਦੀ ਹੈ,
ਤੇ ਮੈਂ ਹੱਸਣ ਲੱਗ ਜਾਨਾ,
ਉਹ ਨਿਰਾਸ਼ ਹੋਵੇ ਤਾ, ਮੈਂ ਕੁਝ ਬੋਲ ਲਿਖ ਦੇਨਾ,
ਤੇ ਉਹ ਮੁਸਕੁਰਾ ਦੇਂਦੀ ਹੈ ,
ਹੁਣ ਕੱਲਿਆਂ ਰਹਿਣਾ ਬੁਰਾ ਨਹੀਂ ਲਗਦਾ,
ਵਧੀਆ ਲਗਦਾ ਹੈ,
ਆਸੇ ਪਾਸੇ ਸੁਪਨਿਆਂ ਦੀ ਸਿਰਜਣਾ ਹੋਣ ਲਗਦੀ ਹੈ,
ਤੇ ਮੈਂ ਬਿੰਦੇ ਝੱਟੇ, ਲਿਖਣ ਲਗ ਪੈਂਦਾ ਹਾਂ |
ਮੇਰੀ ਤੇ ਮੇਰੀ ਕਵਿਤਾ ਦੀ ਹੁਣ ਦੋਸਤੀ ਹੋ ਗਈ ਹੈ ||

 

ਕੀ ਮੈਂ ਗਲਤ ਚਾਹੁੰਦੀ ਹਾਂ?

ਮੇਰੀ ਖਾਮੋਸ਼ੀ ਤੇ ਨਾ ਜਾ,
ਮੇਰੇ ਅੰਦਰ ਦੇ ਸ਼ੋਰ ਨੂੰ ਪੜ੍ਹ,
ਕਿੰਨੇ ਤੂਫ਼ਾਨ ਨੇ ਜਿਹੜੇ ਸਾਹਾਂ ਚ ਸਮੇਟੀ ਬੈਠੀ ਹਾਂ,
ਕਿੰਨੇ ਸਮੁੰਦਰ ਨੇ ਜੋ ਅੱਖਾਂ ਚ ਬੰਦ ਨੇ |
ਨਾ ਵੇ ਅੜਿਆ,
ਮੈਨੂੰ ਪਰਖ ਨਾ, ਮੈਨੂੰ ਸਮਝ |
ਬਸ ਏਨਾ ਕੁ ਚਾਹੁੰਦੀ ਆ ,
ਕੀ ਮੈਂ ਗਲਤ ਚਾਹੁੰਦੀ ਹਾਂ ?

 

ਕਵਿਤਾ ਤਾ ਵਿਸਫੋਟਕ ਹੁੰਦੀ ਹੈ

ਸੋਚਾਂ ਦੇ ਮੇਚ ਦੇ ਕੁਝ ਅੱਖਰ ਤਾ ਲਿਖ ਲਏ ਮੈਂ,
ਪਰ ਕਵਿਤਾ ਦੇ ਮਿਆਰ ਤਕ ਨਾ ਪਹੁੰਚਿਆ ਗਿਆ |
ਹਾਂ,
ਕਿਉਂਕਿ ਮੈਂ ਜਾਣਦਾ, ਕਵਿਤਾ ਸਿਰਫ ਤੁਕਬੰਦੀ ਨਹੀਂ,
ਕਵਿਤਾ ਤਾ ਵਿਸਫੋਟਕ ਹੁੰਦੀ ਹੈ,
ਕੱਲੀ ਮੁਹੱਬਤ ਹੀ ਇਸਦੇ ਲੇਖੇ ਨਹੀਂ ਲਗਦੀ,
ਸਗੋਂ ਸਮੁੱਚੀ ਕਾਇਨਾਤ ਇਸ ਚ ਗੜੂੰਦ ਹੁੰਦੀ ਹੈ,
ਸ਼ਇਦ ਇਸ ਤਰ੍ਹਾਂ ਜਿਵੇ, ਗੰਨੇ ਚ ਰੱਸ |
ਮੁਕਦੀ ਗੱਲ,
ਜੇਕਰ ਕਵਿਤਾ ਤੁਹਾਡਾ ਅੰਦਰ ਨਹੀਂ ਵਲੂੰਧਰਦੀ,
ਤੁਹਾਡੀਆਂ ਅੱਖਾਂ ਚ ਪਾਣੀ ਨਹੀਂ ਆਉਂਦਾ,
ਤੁਹਾਡੇ ਵਿਚਾਰਾਂ ਚ ਉਬਾਲ ਨਹੀਂ ਆਉਂਦਾ,
ਮੈਂ ਉਸਨੂੰ ਕਵਿਤਾ ਨਹੀਂ ਮੰਨਦਾ|
ਹਾਂ. ਉਹ ਅੱਖਰਾਂ ਦੀ ਜੁਗਲਬੰਦੀ ਜ਼ੁਰੂਰ ਹੈ,
ਜੋ ਤੁਹਾਨੂੰ, ਕੁਝ ਪਲ ਨਾਲ ਜੋੜ ਲੈਂਦੀ ਹੈ ,
ਪਰ ਜਲਦੀ ਹੀ ਮਰ ਜਾਂਦੀ ਹੈ,
ਤੇ ਕਵਿਤਾ,
ਕਵਿਤਾ ਕਦੀ ਨਹੀਂ ਮਰਦੀ. ਗੂੰਜਦੀ ਰਹਿੰਦੀ ਹੈ,
ਭੂਤਕਾਲ ਦੇ ਅੰਜ਼ਾਮ ਵਿਚ,
ਤੇ ਵਰਤਮਾਨ ਤੇ ਆਗਾਜ਼ ਵਿਚ. ਹਮੇਸ਼ਾ ਦੀ ਤਰਾਂ , ਨਿਰਤੰਤਰ, ਅੱਤੁਟ,
ਤੇ ਸਮਾਂ ਉਸਨੂੰ ਗੁਣਗੁਣਾਉਂਦਾ ਰਹਿੰਦਾ ਹੈ ਅੰਨਤਕਾਲ ਤੱਕ |

 

ਸੁਪਨੇ ਨੂੰ ਕੀ ਹੋਇਆ

ਹੁਣੇ ਤਾ ਜੀਵਦਾਂ ਸੀ ਉਹ,
ਹੁਣੇ ਹੀ ਕਿਉ ਹੈ ਮੋਇਆ,
ਅੱਖਾਂ ਸਦਮੇਂ ਚ ਨੇ ਹੁਣ ਤਕ,
ਕਿ ਸੁਪਨੇ ਨੂੰ ਕੀ ਹੋਇਆ |

ਕਿ ਓਹਨੇ ਜੀ ਲਿਆ ਫਿਰ ਵੀ ,
ਜੁਦਾ ਮੇਰੇ ਤੋਂ ਹੋ ਕੇ,
ਹਾਂ ਇਕ ਮੈਂ ਹੀ ਪਾਗਲ ਸੀ,
ਕਿ ਮੇਥੋ ਹੀ ਨਾ ਜੀ ਹੋਇਆ |

ਜੋ ਮੇਰੇ ਤਨ ਤੇ ਲੱਗੇ ਸੀ,
ਜ਼ਖ਼ਮ ਉਹ ਭਰ ਗਏ ਸਾਰੇ,
ਜੋ ਮੇਰੇ ਦਿਲ ਤੇ ਲੱਗਾ ਸੀ,
ਕਿ ਫੱਟ ਓਹੀ ਨਾ ਭਰ ਹੋਇਆ |

ਕਿ ਪੱਥਰ ਕਰ ਗਿਆ ਏ ਤੂੰ,
ਮੈਨੂੰ ਮੋਮ ਜਿਹੇ ਨੂੰ,
ਕਿ ਤੇਰੇ ਜਾਣ ਤੋਂ ਮਗਰੋਂ,
ਨਾ ਦਿਲ ਰੋਇਆ ਨਾ ਮੈਂ ਰੋਇਆ |

ਉਂਝ ਤਾ ਜਾਣਦਾ ਹਾਂ ਮੈਂ,
ਤੇਰਾ ਮੁੜਨਾ ਨਹੀਂ ਮੁਮਕਿਨ,
ਫਿਰ ਵੀ ਇਸ ਆਸ ਦੀ ਆਸੇ,
ਕਦੇ ਬੂਹਾ ਨਾ ਢੋ ਹੋਇਆ |

ਤਰਤੀਬਵਾਰ

ਅੰਬਰਾਂ ਤੋਂ ਤਾਰੇ ਤੋੜ ਕੇ ਲਿਆਉਣ ਵਾਲਾ ਇਸ਼ਕ,
ਮੈਨੂੰ ਪ੍ਰਭਾਵਿਤ ਨਹੀਂ ਕਰਦਾ,
ਮੈਂ ਖੇਤਾਂ ਚ ਉੱਗੀ ਹੋਈ ਫ਼ਸਲ ਨਾਲ,
ਕਿਸਾਨ ਦੇ ਇਸ਼ਕ ਦਾ ਹਾਮੀ ਹਾਂ |
ਮੈਨੂੰ ਹਵਾਵਾਂ ਚ ਬਿਖਰਿਆ ਸੰਗੀਤ,
ਤਾ ਸ਼ਾਇਦ ਹੀ ਸੁਣਾਈ ਦਵੇ,
ਪਰ ਮੈਂ ਫਿਜ਼ਾਂ ਚ ਘੁਲ ਕੇ ਜ਼ਹਿਰ ਬਣ ਚੁਕੇ,
ਪ੍ਰਦੂਸ਼ਣ ਨੂੰ ਦੇਖ ਸਕਦਾ |
ਵਾਸ਼ਰੂਮ ਚ ਲੱਗੇ ਵਦੇਸ਼ੀ ਫੁਹਾਰੇ,
ਉਹ ਠੰਢਕ ਤੇ ਤੇ ਤਾਜ਼ਗੀ ਕਿਥੇ ਦੇਂਦੇ ਨੇ,
ਜੋ ਮੀਹ ਦੀਆ ਬੂੰਦਾ ਚ ,
ਆਪਣੀ ਮਰਜੀ ਨਾਲ ਗੜੁੱਚ ਹੋ ਕੇ ਮਿਲਦੀ |
ਵਿਦੇਸ਼ੀ ਧਰਤੀ ਤੇ ਡਾਲਰਾਂ ਦਾ ਮੋਹ
ਮੇਰੇ ਲਈ ਬੇੜੀਆਂ ਨਹੀਂ ਪਰ,
ਮੇਰੇ ਪਿੰਡ ਦੀ ਜਮੀਨ ਦਾ ਗਹਿਣੇ ਹੋਣਾ,
ਮੇਰੇ ਪੈਰਾਂ ਦੀ ਜੇਲ ਹੈ , ਜੋ ਮੈਨੂੰ ਇਥੋਂ
ਹੁਣੇ ਘਰੇ ਮੁੜਨ ਤੋਂ ਰੋਕਦੀ ਹੈ |
ਤੇ,
ਮੈਂ ਸ਼ਇਦ ਲਿਖਦਾ ਲਿਖਦਾ ਮੁੱਦੇ ਤੋਂ ਭਟਕ ਗਿਆ ਹੋਵਾਂ,
ਪਰ ਇਹੋ ਕੁਝ ਹੈ, ਜੋ ਮੇਰੇ ਅੰਦਰ ਹੈ,
ਬੇਤਰਤੀਬ ਜੇਹਾ, ਤੇ
ਜਿਹਨੂੰ ਤਰਤੀਬਵਾਰ ਕਰਨ ਜਿੰਦਗੀ ਗੁਜ਼ਰ ਰਹੀ ਹੈ |